Friday 9 September 2016

Chaupai Sahib Bani Da Rachna Asthan.


ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦੇ ਦਿਨ 23 ਸਤੰਬਰ, ਸੰਮਤ 1753 ਨੂੰ "ਚੌਪਈ ਸਾਹਿਬ" ਦੀ ਰਚਨਾ ਕੀਤੀ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਥਾਂ ‘ਤੇ ਵੀ ਪੈਰ ਪਾਇਆ ਉਹ ਥਾਂ ਪਵਿੱਤਰ ਤਾਂ ਹੋਈ ਹੀ ਪਰ ਅੱਜ-ਕੱਲ੍ਹ ਉੱਥੇ ਬਹੁਤ ਸ਼ਾਨਦਾਰ ਗੁਰਦੁਆਰਾ ਸਾਹਿਬਾਨ ਸਸ਼ੋਭਿਤ ਹਨ। ਅਜਿਹਾ ਹੀ ਇਕ ਖ਼ੂਬਸੂਰਤ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਬਿਭੋਰ ਸਾਹਿਬ। ਇਹ ਗੁਰਦੁਆਰਾ ਸਾਹਿਬ ਨੰਗਲ ਡੈਮ ਉੱਤੇ ਸਤਲੁਜ ਦੇ ਕਿਨਾਰੇ ਸਥਿਤ ਹੈ। ਬਹੁਤ ਹੀ ਰਮਣੀਕ ਥਾਂ ‘ਤੇ ਬਣਿਆ ਇਹ ਗੁਰਦੁਆਰਾ ਸਾਹਿਬ ਸੈਲਾਨੀਆਂ ਅਤੇ ਧਾਰਮਿਕ ਯਾਤਰੂਆਂ ਲਈ ਖਿੱਚ ਦਾ ਕੇਂਦਰ ਹੈ। ਇਸ ਥਾਂ ਦਾ ਇਤਿਹਾਸਕ ਪਿਛੋਕੜ ਬਹੁਤ ਹੀ ਮਹੱਤਵਪੂਰਨ ਹੈ। ਸਿੱਖ ਇਤਿਹਾਸ ਅਨੁਸਾਰ ਬਿਭੋਰ ਸਾਹਿਬ ਦੇ ਰਾਜਾ ਰਤਨ ਰਾਏ ਦੇ ਸੱਦੇ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਥਾਂ ‘ਤੇ ਗਏ ਸਨ ਅਤੇ ਨੌਂ ਮਹੀਨੇ ਤੋਂ ਵੱਧ ਸਮਾਂ ਗੁਰੂ ਜੀ ਰਾਜਾ ਰਤਨ ਰਾਏ ਪਾਸ ਰਹੇ। ਇਹ ਸਮਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿੱਚ ਕੁਝ ਖੁਸ਼ੀ ਭਰਿਆ ਰਿਹਾ। ਇਸ ਸਮੇਂ ਵਿੱਚ ਗੁਰੂ ਜੀ ਸ਼ਿਕਾਰ ਖੇਡਣ ਅਤੇ ਕਵਿਤਾ ਲਿਖਣ ਵਿੱਚ ਰੁੱਝੇ ਰਹਿੰਦੇ ਸਨ। ਇੱਥੇ ਹੀ ਸੰਮਤ 1753 ਭਾਦੋਂ ਸੁਦੀ ਅਸ਼ਟਮੀ ਨੂੰ ਗੁਰੂ ਜੀ ਨੇ ਸਤਲੁਜ ਦੇ ਕਿਨਾਰੇ ਬੈਠ ਕੇ ਸਿੱਖਾਂ ਲਈ ਬਹੁਤ ਹੀ ਮਹੱਤਵਪੂਰਨ ਗੁਰਬਾਣੀ ‘ਚੌਪਈ ਸਾਹਿਬ’ ਦੀ ਰਚਨਾ ਕੀਤੀ ਜਿਹੜੀ ਕਿ ਸਿੱਖਾਂ ਦੀਆਂ ਰੋਜ਼ਾਨਾ ਪੜ੍ਹਨ ਵਾਲੀਆਂ ਬਾਣੀਆਂ ਵਿੱਚ ਅਹਿਮ ਸਥਾਨ ਰੱਖਦੀ ਹੈ। ਇਸ ਗੁਰਦੁਆਰਾ ਸਾਹਿਬ ਦੀ ਦਿੱਖ ਇਸ ਕਰਕੇ ਵੀ ਵਧੀਆ ਲੱਗਦੀ ਹੈ ਕਿਉਂਕਿ ਇਸ ਦੀ ਇਮਾਰਤ ਬਹੁਤ ਹੀ ਇਕਾਂਤ ਭੀੜ-ਭੜੱਕੇ ਤੋਂ ਦੂਰ ਖੁੱਲ੍ਹੀ ਥਾਂ ਵਿੱਚ ਬਣੀ ਹੋਈ ਹੈ। ਦੂਰ ਤੱਕ ਸਤਲੁਜ ‘ਤੇ ਬਣੇ ਡੈਮ ਅਤੇ ਪਾਣੀ ਦਾ ਨਜ਼ਾਰਾ, ਉਸ ਵਿੱਚ ਚੱਲਦੀਆਂ ਕਿਸ਼ਤੀਆਂ ਅਤੇ ਪਾਣੀ ਵਿੱਚ ਬਣੇ ਟਾਪੂ-ਨੁਮਾ ਥਾਂ ਦਾ ਦ੍ਰਿਸ਼ ਮਨ ਨੂੰ ਮੋਹ ਲੈਂਦਾ ਹੈ। ਇਸ ਦੇ ਨਾਲ ਹੀ ਪਹਾੜੀਆਂ ਦਾ ਸੀਨ ਵੀ ਗੁਰਦੁਆਰਾ ਸਾਹਿਬ ਦੀ ਸ਼ੋਭਾ ਨੂੰ ਚਾਰ ਚੰਨ ਲਗਾਉਂਦਾ ਹੈ। ਫੋਟੋਗ੍ਰਾਫੀ ਕਰਨ ਵਾਲੇ ਯਾਤਰੂ ਤਾਂ ਇਸ ਥਾਂ ‘ਤੇ ਵਿਸ਼ੇਸ਼ ਫੋਟੋਗ੍ਰਾਫੀ ਕਰਦੇ ਹਨ। ਬਹੁਤ ਸਾਰੇ ਸਕੂਲਾਂ ਦੇ ਵਿਦਿਆਰਥੀ ਇਸ ਰਮਣੀਕ ਥਾਂ ਦੀ ਯਾਤਰਾ ਦਾ ਟੂਰ ਬਣਾ ਕੇ ਆਨੰਦ ਮਾਨਣ ਆਉਂਦੇ ਹਨ। ਗੁਰਦਆਰਾ ਸਾਹਿਬ ਦੇ ਖੁੱਲ੍ਹੇ ਆਂਗਨ ਤੋਂ ਇਲਾਵਾ ਰਿਹਾਇਸ਼ੀ ਕਮਰੇ, ਲੰਗਰ ਦੀ ਇਮਾਰਤ, ਬਾਥਰੂਮ ਅਤੇ ਸ਼ਾਨਦਾਰ ਮੁੱਖ ਗੇਟ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ ਚੰਗੀ ਵਿਊਂਤਬੰਦੀ ਦੀ ਗਵਾਹੀ ਦਿੰਦੇ ਹਨ। ਖੁੱਲ੍ਹੇ ਵਿਹੜੇ ਵਿੱਚ ਸ਼ਾਨਦਾਰ ਫੁੱਲਾਂ ਦੀਆਂ ਕਿਆਰੀਆਂ ਵੀ ਮਨ ਨੂੰ ਬਹੁਤ ਭਾਉਂਦੀਆਂ ਹਨ। ਇਹੀ ਕਾਰਨ ਹੈ ਕਿ ਜਿਹੜਾ ਸ਼ਰਧਾਲੂ ਇਸ ਥਾਂ ਦੇ ਇਕ ਵਾਰ ਦਰਸ਼ਨ ਕਰ ਲੈਂਦਾ ਹੈ ਤਾਂ ਵਾਰ-ਵਾਰ ਜਾਣਾ ਲੋਚਦਾ ਹੈ। 24 ਘੰਟੇ ਚਾਹ ਅਤੇ ਪ੍ਰਸ਼ਾਦਿਆਂ ਦਾ ਲੰਗਰ ਚੱਲਦਾ ਹੈ ਅਤੇ ਯਾਤਰੂਆਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਮਹਿਸੂਸ ਨਹੀਂ ਹੁੰਦੀ। ਕੁਦਰਤੀ ਨਜ਼ਾਰਿਆਂ ਦੀ ਖਿੱਚ ਅਤੇ ‘ਚੌਪਈ ਸਾਹਿਬ’ ਦੀ ਰਚਨਾ ਭੂਮੀ ਨੂੰ ਵਾਰ-ਵਾਰ ਨਮਸਕਾਰ ਕਰਨ ਨੂੰ ਮਨ ਕਰਦਾ ਹੈ


No comments:

Post a Comment